*ਅੱਜ ਤੋਂ ਸਿੱਖ ਇਤਿਹਾਸ ਦਾ ਗੌਰਵਮਈ ਸ਼ਹੀਦੀ ਹਫ਼ਤਾ ਸ਼ੁਰੂ ਹੋ ਰਿਹਾ ਹੈ।*

*ਅੱਜ ਤੋਂ ਸਿੱਖ ਇਤਿਹਾਸ ਦਾ ਗੌਰਵਮਈ ਸ਼ਹੀਦੀ ਹਫ਼ਤਾ ਸ਼ੁਰੂ ਹੋ ਰਿਹਾ ਹੈ।* ਇਸ ਸੰਦਰਭ ਵਿਚ *ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ ਵੱਲੋਂ* ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿਲਸਿਲੇਵਾਰ *ਇਤਿਹਾਸ ਅਤੇ ਵੀਡੀਓ ਕਲਿੱਪ ਸਾਂਝਾ ਕੀਤਾ ਜਾਵੇਗਾ।* ਇਸ ਇਤਿਹਾਸ ਨੂੰ ਆਪਣੇ ਪਰਿਵਾਰਾਂ ਵਿਚ ਸਾਂਝਾ ਕਰੋ ਅਤੇ ਹੋਰਨਾਂ ਨੂੰ ਵੀ ਪੜ੍ਹਨ ਅਤੇ ਦੇਖਣ ਲਈ ਭੇਜੋ ਜੀ।

* ਅੱਜ ਦੇ ਦਿਨ ਦਾ ਇਤਿਹਾਸ: ਗੁਰੂ ਜੀ ਦਾ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ*

ਵਜ਼ੀਰ ਖ਼ਾਨ ਦੁਆਰਾ ਭੇਜੇ ਗਏ ਪੈਗ਼ਾਮ ਨਾਲ ਪਹਾੜੀ ਰਾਜਿਆਂ ਅਤੇ ਮੁਗਲਾਂ ਵਿਚ ਸਮਝੌਤਾ ਹੋਣ ਉਪਰੰਤ ਉਨ੍ਹਾਂ ਨੇ ਰਲ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੇ ਧਾਵਾ ਬੋਲ ਦਿੱਤਾ ਸੀ ਅਤੇ ਜੰਗ ਚੱਲ ਰਹੀ ਸੀ।

੬ ਮਹੀਨੇ ਬੀਤ ਗਏ, ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਵਿਚ ਬਿਮਾਰੀ ਫੈਲਣ ਲੱਗ ਗਈ।

ਕਿਲ੍ਹੇ ਵਿਚ ਰਹਿ ਰਹੇ ਸਿੰਘਾਂ ਕੋਲ ਵੀ ਖਾਣ-ਪੀਣ ਦਾ ਸਮਾਨ ਮੁੱਕਣ ਲੱਗਾ। ਅੱਤ ਦੀ ਸਰਦੀ ਵਿਚ ਉਨ੍ਹਾਂ ਕੋਲ ਜ਼ਰੂਰਤ ਦਾ ਸਮਾਨ ਵੀ ਥੋੜ੍ਹਾ ਰਹਿ ਗਿਆ।

ਇਸ ਔਖੇ ਸਮੇਂ ਦੌਰਾਨ ੪੦ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਦਿਤਾ ਕਿ *’ਅਸੀਂ ਤੁਹਾਡੇ ਸਿੱਖ ਨਹੀਂ, ਤੁਸੀ ਸਾਡੇ ਗੁਰੂ ਨਹੀਂ’* ਅਤੇ ਕਿਲ੍ਹਾ ਛੱਡ ਕੇ ਚਲੇ ਗਏ।

ਅੱਜ ਦੇ ਦਿਨ, ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਜੇਕਰ ਸਿੱਖ ਚੁੱਪ-ਚਾਪ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰ ਦੇਣ ਤਾਂ ਪਹਾੜੀ ਰਾਜੇ ਅਤੇ ਮੁਗ਼ਲ ਸੈਨਾ ਉਨ੍ਹਾਂ ਤੇ ਹਮਲਾ ਨਹੀਂ ਕਰੇਗੀ। ਆਪਣੇ ਵਾਅਦਿਆਂ ਦਾ ਭਰੋਸਾ ਦਿਵਾਉਣ ਲਈ ਮੁਗਲਾਂ ਅਤੇ ਹਿੰਦੂ ਰਾਜਿਆਂ ਨੇ ਕੁਰਾਨ ਅਤੇ ਗਊ ਦੀਆਂ ਕਸਮਾਂ ਵੀ ਖਾਧੀਆਂ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮੁਗਲ ਅਤੇ ਹਿੰਦੂ ਰਾਜਿਆਂ ਦੀ ਮਾੜੀ ਨੀਅਤ ਦੇ ਜਾਣੂ ਸਨ ਪਰ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਸ਼ਾਂਤੀ ਨਾਲ ਕਿਲ੍ਹਾ ਖ਼ਾਲੀ ਕਰ ਦੇਣ ਦਾ ਪ੍ਰਸਤਾਵ ਪਰਵਾਨ ਕਰ ਲਿਆ।

ਇਸ ਦੌਰਾਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਅਤੇ ਹੋਰ ਸਿੰਘਾਂ ਦੇ ਜਥੇ ਨਾਲ ਅਤੇ ਵੱਡੇ ਸਾਹਿਬਜ਼ਾਦੇ ਸਾਰੇ ਸਿੰਘਾਂ ਦੇ ਪਿੱਛੇ-ਪਿੱਛੇ ਜੱਥੇ ਦੀ ਰਾਖੀ ਕਰਦੇ ਚੱਲ ਪਏ।

ਵਜ਼ੀਰ ਖ਼ਾਨ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਅਤੇ ਸਿੰਘ ਕਿਲ੍ਹਾ ਖ਼ਾਲੀ ਕਰ ਕੇ ਜਾ ਰਹੇ ਨੇ ਤਾਂ ਉਸਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਦਿੱਤੀਆਂ ਅਤੇ ਪਿੱਛੋਂ ਸਿੰਘਾਂ ਤੇ ਹਮਲਾ ਬੋਲ ਦਿੱਤਾ।

ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘ ਸ਼ਾਤੀ ਅਤੇ ਦ੍ਰਿੜ੍ਹਤਾ ਦੇ ਪੂਰਕ ਸਨ। ਉਨ੍ਹਾਂ ੬ ਮਹੀਨੇ ਬਹੁਤ ਔਖਾ ਸਮਾਂ ਗੁਜ਼ਾਰਿਆ ਪਰ ਆਪਣੇ ਧਰਮ ਵਿਚ ਅਡੋਲ ਰਹੇ। ਵਜ਼ੀਰ ਖ਼ਾਨ ਅਤੇ ਹਿੰਦੂ ਰਾਜਿਆਂ ਦੀਆਂ ਧਰਮੀ ਕਸਮਾਂ ਤੇ ਭਰੋਸਾ ਕੀਤਾ ਅਤੇ ਬਿਨਾਂ ਕੁਝ ਕਹੇ ਕਿਲ੍ਹਾ ਖ਼ਾਲੀ ਕਰ ਦਿਤਾ।

ਆਓ ਅੱਜ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਿੰਘਾਂ ਵਾਂਗ ਸ਼ਾਂਤੀ ਅਤੇ ਦ੍ਰਿੜ੍ਹਤਾ ਨਾਲ ਜੀਵਨ ਬਿਤਾਉੰਦਿਆਂ ਘਰਾਂ ਦੇ ਸੁੱਖ ਅਰਾਮ ਛੱਡ ਕੇ ਗੁਰੂ ਕੌਮ ਦੀ ਚੜ੍ਹਦੀ ਕਲਾ ਹਿੱਤ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਬਰ ਤਿਆਰ ਰਹਾਂਗੇ। ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

ਅੱਜ ਦੇ ਦਿਨ ਦੇ ਇਤਿਹਾਸ ਦਾ ਕਲਿੱਪ ਦੇਖੋ ਜੀ:

*ਜੀਵੀਏ ਗੁਰਬਾਣੀ ਨਾਲ ਲਹਿਰ*

*_ਆਤਮ ਪਰਗਾਸ ਸੋਸ਼ਲ ਵੈਲਫ਼ੇਅਰ ਕੌਂਸਲ_*

*+91-82880-10531/32*

*atampargas@gmail.com*

*www.atampargas.org*

*99, ਪ੍ਰੀਤ ਵਿਹਾਰ, ਦਾਦ, ਪੱਖੋਵਾਲ ਰੋਡ, ਲੁਧਿਆਣਾ-142022*